1 Peter 1

1ਪਤਰਸ, ਯਿਸੂ ਮਸੀਹ ਦੇ ਰਸੂਲ ਵੱਲੋਂ ਉਹਨਾਂ ਪਰਦੇਸੀਆਂ ਨੂੰ ਜਿਹੜੇ ਪੰਤੁਸ, ਗਲਾਤਿਯਾ, ਕੱਪਦੁਕਿਯਾ, ਆਸਿਯਾ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ । 2ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ । ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ ।

3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਸ ਨੇ ਆਪਣੀ ਵਧੇਰੇ ਦਯਾ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਵਨ ਦੀ ਆਸ ਲਈ ਨਵਾਂ ਜਨਮ ਦਿੱਤਾ । 4ਅਰਥਾਤ ਉਹ ਅਵਿਨਾਸ਼ੀ, ਨਿਰਮਲ ਅਤੇ ਨਾ ਮੁਰਝਾਉਣ ਵਾਲੇ ਅਧਿਕਾਰ ਲਈ ਜੋ ਸਵਰਗ ਵਿੱਚ ਤੁਹਾਡੇ ਲਈ ਰੱਖਿਆ ਹੋਇਆ ਹੈ । 5ਤੁਸੀਂ ਵਿਸ਼ਵਾਸ ਦੇ ਰਾਹੀਂ ਪਰਮੇਸ਼ੁਰ ਦੀ ਸਮਰੱਥਾ ਨਾਲ ਉਸ ਮੁਕਤੀ ਲਈ ਬਚਾਏ ਰਹਿੰਦੇ ਹੋ, ਜੋ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ

6ਇਹ ਦੇ ਵਿੱਚ ਤੁਸੀਂ ਵੱਡਾ ਅਨੰਦ ਕਰਦੇ ਹੋ, ਭਾਵੇਂ ਹੁਣ ਕੁੱਝ ਸਮੇਂ ਲਈ ਭਾਂਤ-ਭਾਂਤ ਦੇ ਪਰਤਾਵੇ ਨਾਲ ਦੁੱਖੀ ਹੋਏ ਹੋ । 7ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ ।

8ਜਿਸ ਦੇ ਨਾਲ ਤੁਸੀਂ ਬਿਨ੍ਹਾਂ ਵੇਖੇ ਪਿਆਰ ਰੱਖਦੇ ਹੋ ਅਤੇ ਭਾਵੇਂ ਹੁਣ ਉਹ ਨੂੰ ਨਹੀਂ ਵੇਖਦੇ ਤਾਂ ਵੀ ਉਸ ਵਿਸ਼ਵਾਸ ਦੇ ਕਾਰਨ ਬਹੁਤ ਅਨੰਦ ਕਰਦੇ ਹੋ ਜੋ ਵਰਨਣ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ । 9ਅਤੇ ਆਪਣੇ ਵਿਸ਼ਵਾਸ ਦਾ ਫਲ ਅਰਥਾਤ ਆਪਣੀ ਜਾਨ ਦੀ ਮੁਕਤੀ ਪ੍ਰਾਪਤ ਕਰਦੇ ਹੋ । 10ਇਸੇ ਮੁਕਤੀ ਦੇ ਬਾਰੇ ਉਹਨਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਹਨਾਂ ਉਸ ਕਿਰਪਾ ਦੇ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਭਵਿੱਖਬਾਣੀ ਕੀਤੀ ।

11ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦੇ ਦੁੱਖਾਂ ਦੇ ਅਤੇ ਉਹਨਾਂ ਦੇ ਬਾਅਦ ਦੀ ਮਹਿਮਾ ਦੇ ਬਾਰੇ ਪਹਿਲਾਂ ਹੀ ਗਵਾਹੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦੇ ਬਾਰੇ ਦੱਸਦਾ ਸੀ । 12ਸੋ ਉਹਨਾਂ ਉੱਤੇ ਇਹ ਪ੍ਰਗਟ ਕੀਤਾ ਗਿਆ ਕਿ ਉਹ ਆਪਣੀਂ ਨਹੀਂ ਸਗੋਂ ਤੁਹਾਡੀ ਸੇਵਾ ਲਈ ਉਹ ਗੱਲਾਂ ਆਖਦੇ ਸਨ, ਜਿਹਨਾਂ ਦੀ ਖ਼ਬਰ ਹੁਣ ਤੁਹਾਨੂੰ ਉਹਨਾਂ ਤੋਂ ਮਿਲੀ ਜਿਹਨਾਂ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਨਾਲ ਤੁਹਾਨੂੰ ਖੁਸ਼ਖਬਰੀ ਸੁਣਾਈ ਅਤੇ ਸਵਰਗ ਦੂਤ ਵੱਡੀ ਇੱਛਾ ਨਾਲ ਇਹਨਾਂ ਗੱਲਾਂ ਦਾ ਪਤਾ ਕਰਨਾ ਚਾਹੁੰਦੇ ਹਨ ।

13ਇਸ ਲਈ ਤੁਸੀਂ ਆਪਣੀ ਬੁੱਧੀ ਨਾਲ ਲੱਕ ਬੰਨ ਕੇ ਸੁਚੇਤ ਰਹੋ ਅਤੇ ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ । 14ਅਤੇ ਆਗਿਆਕਾਰ ਬੱਚਿਆਂ ਵਾਂਗੂੰ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾਂ ਦੇ ਸਰੂਪ ਜਿਹੇ ਨਾ ਬਣੋ ।

15ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਉਸੇ ਤਰ੍ਹਾਂ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ । 16ਕਿਉਂ ਜੋ ਇਹ ਲਿਖਿਆ ਹੋਇਆ ਹੈ; “ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ ।” 17ਜੇ ਤੁਸੀਂ ਪਿਤਾ ਕਰਕੇ ਉਹ ਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਦੇ ਕੰਮ ਦੇ ਅਨੁਸਾਰ ਬਿਨ੍ਹਾਂ ਪੱਖਪਾਤ ਨਿਆਂ ਕਰਦਾ ਹੈ, ਤਾਂ ਆਪਣੀ ਮੁਸਾਫ਼ਰੀ ਦਾ ਸਮਾਂ ਡਰ ਨਾਲ ਬਤੀਤ ਕਰੋ ।

18ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਸੀਂ ਜੋ ਆਪਣੇ ਨਿਕੰਮੇ ਚਾਲ-ਚਲਣ ਤੋਂ ਛੁਟਕਾਰਾ ਪਾਇਆ ਜਿਹੜਾ ਤੁਹਾਡੇ ਵੱਡਿਆਂ ਤੋਂ ਚੱਲਿਆ ਆਉਂਦਾ ਸੀ, ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ-ਸੋਨੇ ਨਾਲ ਨਹੀਂ । 19ਸਗੋਂ ਮਸੀਹ ਦੇ ਬਹੁਮੁੱਲੇ ਲਹੂ ਨਾਲ ਪਾਇਆ ਜਿਹੜਾ ਬੇਦਾਗ ਲੇਲੇ ਦੇ ਨਿਆਈਂ ਸੀ ।

20ਉਹ ਤਾਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਠਹਿਰਾਇਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ । 21ਜਿਹੜੇ ਉਸ ਦੇ ਰਾਹੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਹੋ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਨੂੰ ਮਹਿਮਾ ਦਿੱਤੀ, ਤਾਂ ਜੋ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ੁਰ ਉੱਤੇ ਹੋਵੇ ।

22ਤੁਸੀਂ ਜੋ ਸੱਚ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਾਈਚਾਰੇ ਦੇ ਨਿਸ਼ਕਪਟ ਪਿਆਰ ਲਈ ਪਵਿੱਤਰ ਕੀਤਾ ਹੈ, ਤਾਂ ਤਨੋਂ ਮਨੋਂ ਹੋ ਕੇ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ । 23ਕਿਉਂ ਜੋ ਤੁਸੀਂ ਨਾਸਵਾਨ ਬੀਜ ਤੋਂ ਨਹੀਂ ਸਗੋਂ ਅਵਿਨਾਸ਼ੀ ਤੋਂ ਨਵਾਂ ਜਨਮ ਪਾਇਆ ਹੈ, ਜਿਹੜਾ ਪਰਮੇਸ਼ੁਰ ਦੇ ਬਚਨ ਰਾਹੀਂ ਹੈ ਜੋ ਜਿਉਂਦਾ ਅਤੇ ਸਥਿਰ ਹੈ ।

24ਕਿਉਂਕਿ ਹਰ ਪ੍ਰਾਣੀ ਘਾਹ ਵਰਗਾ ਹੀ ਹੈ, ਉਸ ਦੀ ਸ਼ੋਭਾ ਘਾਹ ਦੇ ਫੁੱਲ ਵਰਗੀ ਹੈ । ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਮੁਰਝਾ ਜਾਂਦਾ ਹੈ, ਪਰ ਪ੍ਰਭੂ ਦਾ ਬਚਨ ਸਦਾ ਤੱਕ ਕਾਇਮ ਰਹਿੰਦਾ ਹੈ । ਅਤੇ ਇਹ ਓਹੋ ਬਚਨ ਹੈ ਜਿਸ ਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ ।

25

Copyright information for PanULB